ਮਾਲੇਰਕੋਟਲਾ ਪੁਲਿਸ ਵੱਲੋਂ ਪਾਕਿਸਤਾਨ ਸਮਰਥਿਤ ਸਰਹੱਦ ਪਾਰੋਂ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਨੈੱਟਵਰਕ ਦਾ ਪਰਦਾਫਾਸ਼; ਦੋ ਮੁਲਜ਼ਮ ਗ੍ਰਿਫ਼ਤਾਰ, ਇੱਕ ਨਾਬਾਲਗ ਹਿਰਾਸਤ ਵਿੱਚ ਲਿਆ
SHARE THIS STORY
ਮਾਲੇਰਕੋਟਲਾ, 12 ਅਕਤੂਬਰ ( ਸੂਤਰ )
ਮਾਲੇਰਕੋਟਲਾ ਪੁਲਿਸ ਨੇ ਤੇਜ਼ੀ ਨਾਲ ਕੀਤੀ ਕਾਰਵਾਈ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲਾਂ ਰਾਹੀਂ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਅਨੁਸਾਰ, ਇਸ ਮਾਮਲੇ ਵਿੱਚ ਪਾਕਿਸਤਾਨ ਸਥਿਤ ਹੈਂਡਲਰਾਂ ਦੀ ਭੂਮਿਕਾ ਸਾਹਮਣੇ ਆਈ ਹੈ। ਇਸ ਸਬੰਧੀ ਦੋ ਸਥਾਨਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੁਲਜ਼ਮਾਂ ’ਤੇ ਸ਼ਿਕਾਇਤਕਰਤਾ ਦੇ ਘਰ ਦੀ ਰੇਕੀ ਕਰਕੇ ਉਸ ਦੀ ਵੀਡੀਓ ਅਤੇ ਲੋਕੇਸ਼ਨ ਸਰਹੱਦ ਪਾਰ ਬੈਠੇ ਹੈਂਡਲਰਾਂ ਨਾਲ ਸਾਂਝੀ ਕਰਨ ਦੇ ਦੋਸ਼ ਹਨ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨੁਮਾਨ ਅੰਸਾਰੀ ਪੁੱਤਰ ਨੁਸ਼ਾਂਤ ਅਹਿਮਦ, ਵਾਸੀ ਲੁਧਿਆਣਾ ਬਾਈਪਾਸ, ਗੁਲਜ਼ਾਰ ਹਸਪਤਾਲ ਨੇੜੇ, ਮਾਲੇਰਕੋਟਲਾ, ਅਤੇ ਮੁਹੰਮਦ ਗੁਲਫਾਮ ਪੁੱਤਰ ਰਹੀਸ ਅਹਿਮਦ, ਵਾਸੀ ਪੰਡਿਆਂ ਮੁਹੱਲਾ, ਮਾਲੇਰਕੋਟਲਾ, ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਇੱਕ ਨਾਬਾਲਗ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਪੂਰੀ ਕਾਰਵਾਈ ਦੀ ਯੋਜਨਾ ਅਤੇ ਅਮਲ ਜ਼ਿਲ੍ਹਾ ਸਾਈਬਰ ਟੀਮ ਵੱਲੋਂ ਡੀਐੱਸਪੀ (ਜਾਂਚ) ਦੀ ਨਿਗਰਾਨੀ ਹੇਠ ਕੀਤਾ ਗਿਆ। ਸ਼ਿਕਾਇਤਕਰਤਾ ਲਵਨੀਤ ਸਿੰਘ ਪੁੱਤਰ ਦਲਜੀਤ ਸਿੰਘ, ਵਾਸੀ ਧੂਰੀ ਰੋਡ, ਮਾਲੇਰਕੋਟਲਾ, ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਵਟਸਐਪ ਕਾਲਾਂ ਆ ਰਹੀਆਂ ਸਨ। ਫੋਨ ਕਰਨ ਵਾਲਿਆਂ ਨੇ ਉਸ ਨੂੰ ਇੱਕ ਵੀਡੀਓ ਅਤੇ ਉਸ ਦੇ ਘਰ ਦੀ ਲੋਕੇਸ਼ਨ ਭੇਜੀ, ਪੈਸਿਆਂ ਦੀ ਮੰਗ ਕੀਤੀ ਅਤੇ ਮੰਗ ਪੂਰੀ ਨਾ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ ਸ਼ਿਕਾਇਤ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਲਗਾਤਾਰ ਤਕਨੀਕੀ ਤੇ ਮੈਦਾਨੀ ਜਾਂਚ ਰਾਹੀਂ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ।
ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਟੀਮ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਨਾਲ ਸ਼ਿਕਾਇਤਕਰਤਾ ਦੇ ਘਰ ਦੀ ਵੀਡੀਓ ਬਣਾਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਮਦਦ ਮਿਲੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦਾ ਤਕਨੀਕੀ ਵਿਸ਼ਲੇਸ਼ਣ ਕੀਤਾ ਗਿਆ, ਜਿਸ ਤੋਂ ਪਾਕਿਸਤਾਨ ਸਥਿਤ ਹੈਂਡਲਰਾਂ ਨਾਲ ਉਨ੍ਹਾਂ ਦੇ ਸੰਪਰਕਾਂ ਸਬੰਧੀ ਅਹਿਮ ਜਾਣਕਾਰੀ ਸਾਹਮਣੇ ਆਈ।
ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ’ਤੇ ਥਾਣਾ ਸਾਈਬਰ ਕ੍ਰਾਈਮ, ਮਾਲੇਰਕੋਟਲਾ ਵਿਖੇ ਐੱਫਆਈਆਰ ਨੰਬਰ 28, ਮਿਤੀ 10-10-2026, ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 308(4) ਅਤੇ 351(3) ਤਹਿਤ ਦਰਜ ਕੀਤੀ ਗਈ।
ਐੱਸਐੱਸਪੀ ਖੱਖ ਨੇ ਦੱਸਿਆ ਕਿ ਸਾਈਬਰ ਟੀਮ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੁਮਾਨ ਅੰਸਾਰੀ ਦੀ ਪਾਕਿਸਤਾਨ ਸਥਿਤ ਅੰਤਰਰਾਸ਼ਟਰੀ ਹੈਂਡਲਰਾਂ ਨਾਲ ਪਹਿਲਾਂ ਇੰਸਟਾਗ੍ਰਾਮ ਅਤੇ ਬਾਅਦ ਵਿੱਚ ਵਟਸਐਪ ਰਾਹੀਂ ਜਾਣ-ਪਛਾਣ ਹੋਈ ਸੀ। ਦੋਸ਼ ਹੈ ਕਿ ਉਸ ਨੇ ਮੁਹੰਮਦ ਗੁਲਫਾਮ ਨਾਲ ਮਿਲ ਕੇ ਪਾਕਿਸਤਾਨ ਸਥਿਤ ਵਿਅਕਤੀਆਂ ਰਾਹੀਂ ਸ਼ਿਕਾਇਤਕਰਤਾ ਦਾ ਕਤਲ ਕਰਵਾਉਣ ਦੀ ਸਾਜ਼ਿਸ਼ ਰਚੀ। ਮੁਹੰਮਦ ਗੁਲਫਾਮ, ਜੋ ਨੁਮਾਨ ਅੰਸਾਰੀ ਰਾਹੀਂ ਹੈਂਡਲਰਾਂ ਦੇ ਸੰਪਰਕ ਵਿੱਚ ਸੀ, ਨੇ ਸ਼ਿਕਾਇਤਕਰਤਾ ਦੇ ਘਰ ਦੀ ਵੀਡੀਓ ਬਣਾਈ ਅਤੇ ਉਸ ਦੀ ਲੋਕੇਸ਼ਨ ਉਨ੍ਹਾਂ ਨਾਲ ਸਾਂਝੀ ਕੀਤੀ। ਪੁਲਿਸ ਅਨੁਸਾਰ, ਮੁਹੰਮਦ ਗੁਲਫਾਮ ਦੀ ਸ਼ਿਕਾਇਤਕਰਤਾ ਨਾਲ ਪੁਰਾਣੀ ਰੰਜਿਸ਼ ਸੀ।
ਐੱਸਐੱਸਪੀ ਨੇ ਅੱਗੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੇ ਨਾਲ ਇੱਕ ਨਾਬਾਲਗ ਵੀ ਮੌਜੂਦ ਸੀ, ਜੋ ਘਰ ਦੀ ਵੀਡੀਓ ਬਣਾਉਣ ਸਮੇਂ ਮੋਟਰਸਾਈਕਲ ਚਲਾ ਰਿਹਾ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੂੰ ਕਥਿਤ ਸਾਜ਼ਿਸ਼ ਬਾਰੇ ਜਾਣਕਾਰੀ ਸੀ।
ਐੱਸਐੱਸਪੀ ਨੇ ਦੱਸਿਆ ਕਿ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਨੈੱਟਵਰਕ ਦੇ ਅਗਲੇ ਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਨਾਬਾਲਗ ਨੂੰ ਜੁਵੇਨਾਈਲ ਜਸਟਿਸ ਬੋਰਡ ਅੱਗੇ ਪੇਸ਼ ਕੀਤਾ ਜਾਵੇਗਾ ਅਤੇ ਉਸ ਦੇ ਮਾਮਲੇ ਵਿੱਚ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ, 2015 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਐੱਸਐੱਸਪੀ ਖੱਖ ਨੇ ਕਿਹਾ ਕਿ ਮਾਲੇਰਕੋਟਲਾ ਪੁਲਿਸ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਜਾਂ ਅਮਨ-ਸ਼ਾਂਤੀ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਧਮਕੀ ਭਰੀ ਜਾਂ ਸ਼ੱਕੀ ਕਾਲ ਬਾਰੇ ਬਿਨਾਂ ਦੇਰੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

About the JournalistSenior Political Correspondent
Sunil Vashisht
Veteran journalist with over 20 years experience in state politics and governance.
