ਅਹਿਮਦਗੜ੍ਹ ਦੇ ਭਵਿੱਖੀ ਵਿਕਾਸ ਲਈ ਮਾਸਟਰ ਪਲੈਨ ਵਿੱਚ ਰਿਹਾਇਸ਼ੀ ਤੇ ਉਦਯੋਗਿਕ ਖੇਤਰ ਦੇ ਵਿਸਥਾਰ ਨੂੰ ਮਿਲੇਗੀ ਤਰਜੀਹ
ਉਦਯੋਗਿਕ ਵਿਕਾਸ ਨਾਲ ਮਜ਼ਬੂਤ ਹੋਵੇਗੀ ਖੇਤਰ ਦੀ ਆਰਥਿਕਤਾ, ਨੌਜਵਾਨਾਂ ਲਈ ਪੈਦਾ ਹੋਣਗੇ ਰੋਜ਼ਗਾਰ ਦੇ ਨਵੇਂ ਮੌਕੇ- ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ
News Varta Monthly Editorial Staff•Digital Edition
SHARE THIS STORY


ਮਾਲੇਰਕੋਟਲਾ, 13 ਅਕਤੂਬਰ ( ਸੂਤਰ )
ਅਹਿਮਦਗੜ੍ਹ ਸ਼ਹਿਰ ਦੇ ਯੋਜਨਾਬੱਧ ਵਿਕਾਸ ਅਤੇ ਭਵਿੱਖੀ ਲੋੜਾਂ ਦੇ ਮੱਦੇਨਜ਼ਰ ਮਾਸਟਰ ਪਲੈਨ ਤਿਆਰ ਕਰਨ ਲਈ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਪ੍ਰਧਾਨਗੀ ਹੇਠ ਥਿੰਕ ਟੈਂਕ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਰਿਹਾਇਸ਼ੀ ਤੇ ਉਦਯੋਗਿਕ ਖੇਤਰ ਦੇ ਵਿਸਥਾਰ, ਆਵਾਜਾਈ ਅਤੇ ਬੁਨਿਆਦੀ ਸਹੂਲਤਾਂ ਸਬੰਧੀ ਵੱਖ-ਵੱਖ ਵਿਭਾਗਾਂ ਅਤੇ ਉਦਯੋਗਪਤੀਆਂ ਦੇ ਸੁਝਾਅ ਲਏ ਗਏ।
ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਕਿਸੇ ਵੀ ਖੇਤਰ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਵਿੱਚ ਉਦਯੋਗਿਕ ਵਿਕਾਸ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਅਹਿਮਦਗੜ੍ਹ ਦੇ ਮਾਸਟਰ ਪਲੈਨ ਵਿੱਚ ਮੌਜੂਦਾ ਉਦਯੋਗਾਂ ਦੀਆਂ ਲੋੜਾਂ, ਨਵੇਂ ਉਦਯੋਗਾਂ ਦੀ ਸਥਾਪਨਾ ਅਤੇ ਰਿਹਾਇਸ਼ੀ ਵਿਸਥਾਰ ਲਈ ਢੁੱਕਵੀਂ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਗਤੀਵਿਧੀਆਂ ਦੇ ਵਿਸਥਾਰ ਨਾਲ ਸਥਾਨਕ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਮਿਲੇਗੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਯੋਜਨਾਬੱਧ ਵਿਕਾਸ ਅਤੇ ਉਦਯੋਗਿਕ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਦਾ ਲਾਭ ਸਥਾਨਕ ਲੋੜਾਂ ਅਨੁਸਾਰ ਸ਼ਹਿਰਾਂ ਅਤੇ ਕਸਬਿਆਂ ਤੱਕ ਪਹੁੰਚਾਉਣਾ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਮਾਸਟਰ ਪਲੈਨ ਤਿਆਰ ਕਰਦਿਆਂ ਆਬਾਦੀ ਦੇ ਸੰਭਾਵਿਤ ਵਾਧੇ, ਰਿਹਾਇਸ਼ੀ ਤੇ ਵਪਾਰਕ ਸਰਗਰਮੀਆਂ, ਉਦਯੋਗਿਕ ਜ਼ਰੂਰਤਾਂ ਅਤੇ ਆਵਾਜਾਈ ਦੇ ਵਧਦੇ ਦਬਾਅ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਸੜਕੀ ਨੈੱਟਵਰਕ, ਪਾਰਕਿੰਗ, ਪਾਣੀ ਦੀ ਸਪਲਾਈ, ਸੀਵਰੇਜ, ਡਰੇਨੇਜ, ਕੂੜਾ ਪ੍ਰਬੰਧਨ ਅਤੇ ਜਨਤਕ ਸਹੂਲਤਾਂ ਲਈ ਢੁੱਕਵੀਂ ਯੋਜਨਾਬੰਦੀ ’ਤੇ ਜ਼ੋਰ ਦਿੱਤਾ।
ਉਨ੍ਹਾਂ ਸਬੰਧਤ ਵਿਭਾਗਾਂ ਨੂੰ ਆਪਣੇ ਮੌਜੂਦਾ ਬੁਨਿਆਦੀ ਢਾਂਚੇ, ਭਵਿੱਖੀ ਜ਼ਰੂਰਤਾਂ ਅਤੇ ਪ੍ਰਸਤਾਵਿਤ ਪ੍ਰਾਜੈਕਟਾਂ ਦੇ ਵੇਰਵੇ ਨਗਰ ਯੋਜਨਾਬੰਦੀ ਵਿਭਾਗ ਨਾਲ ਸਾਂਝੇ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਅਤੇ ਥਿੰਕ ਟੈਂਕ ਕਮੇਟੀ ਦੇ ਸੁਝਾਵਾਂ ਨੂੰ ਵਿਹਾਰਕਤਾ ਅਨੁਸਾਰ ਮਾਸਟਰ ਪਲੈਨ ਵਿੱਚ ਢੁੱਕਵਾਂ ਸਥਾਨ ਦਿੱਤਾ ਜਾਵੇ, ਤਾਂ ਜੋ ਸ਼ਹਿਰ ਦਾ ਸੰਤੁਲਿਤ ਅਤੇ ਟਿਕਾਊ ਵਿਕਾਸ ਯਕੀਨੀ ਬਣਾਇਆ ਜਾ ਸਕੇ।ਇਸ ਮੌਕੇ ਜ਼ਿਲ੍ਹਾ ਨਗਰ ਯੋਜਨਾਕਾਰ ਗੁਰਮੀਤ ਸਿੰਘ ਬਰਾੜ ਨੇ ਪੀ.ਪੀ.ਟੀ. ਰਾਹੀਂ ਅਹਿਮਦਗੜ੍ਹ ਦਾ ਆਰਜ਼ੀ ਮਾਸਟਰ ਪਲੈਨ ਪੇਸ਼ ਕਰਕੇ ਇਸ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਕਾਰਜ ਸਾਧਕ ਅਫਸਰ ਅਹਿਮਦਗੜ੍ਹ ਅਸ਼ੀਸ਼ ਕੁਮਾਰ, ਸਹਾਇਕ ਇੰਜੀਨੀਅਰ ਸਰਤਾਜ ਸਿੰਘ, ਕੁੱਲਕਿੰਗ ਉਦਯੋਗ ਤੋਂ ਸੰਜੀਵ ਸੂਦ, ਦਸਮੇਸ਼ ਕੰਬਾਈਨਜ਼ ਤੋਂ ਅਮਰ ਸਿੰਘ, ਕੇ.ਐਸ. ਗਰੁੱਪ ਤੋਂ ਗੁਰਦੀਪ ਸਿੰਘ, ਪ੍ਰੀਤਪਾਲ ਸਿੰਘ, ਨਗਰ ਕੌਂਸਲ ਅਹਿਮਦਗੜ੍ਹ ਤੋਂ ਮੋਹਿੰਦਰ ਸਿੰਘ, ਡੀ.ਪੀ.ਐਮ ਭੁਪਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਉਦਯੋਗਪਤੀ ਹਾਜ਼ਰ ਸਨ।


